ਨੌਕਰੀ ਛੱਡ ਕੇ ਸ਼ੁਰੂ ਕੀਤਾ ਖੁੰਬਾਂ ਉਗਾਉਣ ਦਾ ਕੰਮ, ਫਿਰ ਬਣਾਉਣ ਲੱਗੇ ਆਪਣੇ ਪ੍ਰੋਡਕਟਸ, ਹੁਣ ਕਰਦੇ ਹਨ ਮੋਟਾ ਮੁਨਾਫਾ

ਟਿਹਰੀ ਗੜ੍ਹਵਾਲ ਦੇ ਅੰਦਰ ਪੈਂਦੇ ਇੱਕ ਛੋਟੇ ਜਿਹੇ ਪਿੰਡ ਭੈਂਸਕੋਟੀ ਦੇ ਰਹਿਣ ਵਾਲੇ ਖੁੰਬਾਂ ਦੀ ਖੇਤੀ ਕਰਨ ਵਾਲੇ ਕਿਸਾਨ ਕੁਲਦੀਪ ਬਿਸ਼ਟ ਨੇ ਆਪਣੇ ਦਾਦੇ ਨੂੰ ਬਚਪਨ ਤੋਂ ਹੀ ਖੇਤੀਬਾੜੀ ਕਰਦੇ ਹੋਏ ਦੇਖਿਆ ਸੀ। ਹਾਲਾਂਕਿ, ਕੁਲਦੀਪ ਦੇ ਪਿਤਾ ਇਕ ਅਧਿਆਪਕ ਹਨ, ਇਸ ਲਈ ਪਿਤਾ ਵੀ ਚਾਹੁੰਦੇ ਸਨ ਕਿ ਕੁਲਦੀਪ ਪੜ੍ਹ-ਲਿਖ ਕੇ ਕੋਈ ਚੰਗੀ ਨੌਕਰੀ ਕਰੇ। ਇਹ ਸੋਚ ਕੇ ਉਨ੍ਹਾਂ ਨੇ ਕੁਲਦੀਪ ਨੂੰ ਐਮ. ਬੀ. ਏ. (MBA) ਕਰਨ ਲਈ ਗਾਜ਼ੀਆਬਾਦ ਵਿਖੇ ਭੇਜ ਦਿੱਤਾ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੁਲਦੀਪ ਇੱਕ ਨਾਮੀ ਬੈਂਕ ਵਿੱਚ ਨੌਕਰੀ ਵੀ ਕਰ ਰਹੇ ਸਨ। ਪਰ ਖੇਤੀ ਨਾਲ ਪਿਆਰ ਹੋਣ ਕਾਰਨ ਉਹ ਹਮੇਸ਼ਾ ਮਹਿਸੂਸ ਕਰਦੇ ਸਨ ਕਿ ਇਸ ਖੇਤਰ ਵਿੱਚ ਕੋਈ ਨਾ ਕੋਈ ਕੰਮ ਕੀਤਾ ਜਾਵੇ।

ਕੁਲਦੀਪ ਦੇ ਦਾਦਾ ਜੀ ਪਹਿਲਾਂ ਸਿੰਚਾਈ ਵਿਭਾਗ ਦੇ ਵਿੱਚ ਕੰਮ ਕਰਦੇ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੇ ਘਰ ਵਿੱਚ ਹੀ ਆਪਣੀ ਜ਼ਮੀਨ ਤੇ 250 ਤੋਂ 300 ਫਲਦਾਰ ਬੂਟੇ ਲਗਾ ਲਏ ਸਨ। ਇਨ੍ਹਾਂ ਬੂਟਿਆਂ ਦੀ ਦੇਖ-ਭਾਲ ਵਿਚ ਕੁਲਦੀਪ ਵੀ ਆਪਣੇ ਦਾਦਾ ਜੀ ਦਾ ਸਹਿਯੋਗ ਕਰਿਆ ਕਰਦਾ ਸੀ। ਨੌਕਰੀ ਦੌਰਾਨ ਵੀ ਉਹ ਹਮੇਸ਼ਾ ਸੋਚਦੇ ਸਨ ਕਿ ਉਹ ਆਪਣਾ ਕੋਈ ਕੰਮ ਕਿਵੇਂ ਕਰਨ…? ਦੇਹਰਾਦੂਨ ਦੇ ਆਸ-ਪਾਸ ਦਾ ਏਰੀਆ ਹਾਲਾਂਕਿ ਖੁੰਬਾਂ ਦੀ ਖੇਤੀ ਲਈ ਕਾਫੀ ਜਾਣਿਆ ਜਾਂਦਾ ਹੈ ਪਰ ਸਾਲ 2017 ਤੱਕ ਵੀ ਉਸ ਦੇ ਪਿੰਡ ਦੇ ਬਹੁਤੇ ਲੋਕ ਖੁੰਬਾਂ ਦੀ ਖੇਤੀ ਨਹੀਂ ਕਰਦੇ ਸਨ। ਉਦੋਂ ਹੀ ਉਨ੍ਹਾਂ ਨੇ ਖੁੰਬਾਂ ਦੀ ਖੇਤੀ ਕਰਨ ਬਾਰੇ ਸੋਚਿਆ ਅਤੇ ਆਪਣੀ ਜਮਾ ਕੀਤੀ ਪੂੰਜੀ ਖਰਚ ਕੇ ਇੱਕ ਛੋਟੇ ਜਿਹੇ ਕਾਰੋਬਾਰ ਦੀ ਸ਼ੁਰੂਆਤ ਕਰ ਦਿੱਤੀ।

ਨੌਕਰੀ ਦੇ ਨਾਲ-ਨਾਲ ਸ਼ੁਰੂ ਕੀਤੀ ਖੁੰਬਾਂ ਦੀ ਖੇਤੀ

ਜਾਣਕਾਰੀ ਦਿੰਦਿਆਂ ਕੁਲਦੀਪ ਨੇ ਦੱਸਿਆ ਕਿ ਮੇਰੇ ਦੋਸਤ ਨੇ ਇਸ ਕੰਮ ਵਿੱਚ ਮੇਰਾ ਸਾਥ ਦਿੱਤਾ ਅਤੇ ਅਸੀਂ ਆਪਣੀ ਬੱਚਤ ਵਿਚੋਂ 40 ਹਜ਼ਾਰ ਰੁਪਏ ਦੇ ਕਰੀਬ ਖਰਚ ਕਰਕੇ ਇਸ ਕੰਮ ਨੂੰ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅਸੀਂ ਇਕ ਕਿਰਾਏ ਉਤੇ ਕਮਰਾ ਲੈ ਲਿਆ ਅਤੇ ਉਸ ਦੌਰਾਨ ਅਸੀਂ ਦਿਨ ਵੇਲੇ ਨੌਕਰੀ ਕਰਦੇ ਸੀ ਅਤੇ ਰਾਤ ਨੂੰ ਖੇਤੀ। ਉਨ੍ਹਾਂ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਚੰਗਾ ਉਤਪਾਦਨ ਪ੍ਰਾਪਤ ਕੀਤਾ, ਜਿਸ ਨਾਲ ਉਨ੍ਹਾਂ ਦਾ ਹੌਸਲਾ ਹੋਰ ਵਧਿਆ। ਨੌਕਰੀ ਦੇ ਨਾਲ-ਨਾਲ ਉਨ੍ਹਾਂ ਨੇ ਕਰੀਬ ਇੱਕ ਸਾਲ ਤੱਕ ਖੁੰਬਾਂ ਉਗਾਉਣ ਦਾ ਕੰਮ ਕੀਤਾ।

ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਉਹ ਦੱਸਦੇ ਹਨ ਕਿ ਕਈ ਵਾਰ ਅਸੀਂ ਦਫ਼ਤਰ ਥੋੜ੍ਹਾ ਸਮਾਂ ਕੱਢ ਕੇ ਬਜ਼ਾਰ ਵਿੱਚ ਖੁੰਬਾਂ ਵੇਚਣ ਲਈ ਜਾਇਆ ਕਰਦੇ ਸੀ। ਉਹ ਦੱਸਦੇ ਹਨ ਕਿ ਫਿਰ ਹੌਲੀ-ਹੌਲੀ ਅਸੀਂ ਬਟਨ, ਓਇਸਟਰ, ਮਿਲਕੀ, ਖੁੰਬਾਂ ਦੇ ਨਾਲ ਗੇਨੋਡਰਮਾ, ਸ਼ੀਟਾਕੇ, ਵਰਗੀਆਂ ਕਿਸਮਾਂ ਦੀਆਂ ਖੁੰਬਾਂ ਉਗਾਉਣਾ ਅਤੇ ਵੱਖੋ-ਵੱਖਰੀ ਥਾਂ ਤੋਂ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ। ਆਖਰਕਾਰ, ਇੱਕ ਸਾਲ ਬਾਅਦ ਉਨ੍ਹਾਂ ਦੋਵਾਂ ਨੇ ਨੌਕਰੀ ਛੱਡ ਦਿੱਤੀ ਅਤੇ ਜੇ. ਐਮ. ਡੀ. ਫਾਰਮਜ਼ (JMD Farms) ਕੰਪਨੀ ਦੀ ਸ਼ੁਰੂਆਤ ਕਰ ਦਿੱਤੀ।

ਬਣਾਉਣ ਲੱਗੇ ਉਪ-ਉਤਪਾਦ

ਇਸ ਤੋਂ ਬਾਅਦ ਜਿਵੇਂ-ਜਿਵੇਂ ਕੰਮ ਵਧਣ ਲੱਗਿਆ, ਕੁਲਦੀਪ ਨੇ ਦੇਹਰਾਦੂਨ ਅਤੇ ਟਿਹਰੀ ਵਿੱਚ ਵੀ ਉਤਪਾਦਨ ਸ਼ੁਰੂ ਕਰ ਦਿੱਤਾ। ਤਾਜ਼ੀਆਂ ਖੁੰਬਾਂ ਤੋਂ ਇਲਾਵਾ ਉਨ੍ਹਾਂ ਨੇ ਬਚੇ ਹੋਏ ਖੁੰਬਾਂ ਤੋਂ ਉਪ-ਉਤਪਾਦ ਬਣਾਉਣੇ ਸ਼ੁਰੂ ਕਰ ਦਿੱਤੇ। ਵਰਤਮਾਨ ਵਿੱਚ ਉਹ ਖੁੰਬਾਂ ਤੋਂ ਅਚਾਰ, ਮੁਰੱਬਾ, ਬਿਸਕੁਟ ਅਤੇ ਸੁੱਕਾ ਪਾਊਡਰ ਸਮੇਤ ਬਹੁਤ ਸਾਰੇ ਉਤਪਾਦ ਤਿਆਰ ਕਰ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਉਹ ਨੂਡਲਜ਼ ਅਤੇ ਖੁੰਬਾਂ ਚਯਵਨਪ੍ਰਾਸ਼ ਬਣਾਉਣ ਦੀ ਯੋਜਨਾ ਵੀ ਬਣਾ ਰਹੇ ਹਨ। ਉਹ ਆਪਣੇ ਉਤਪਾਦਾਂ ਨੂੰ ਫੰਗੂ (Fungoo) ਬ੍ਰਾਂਡ ਨਾਮ ਦੇ ਨਾਲ ਵੇਚ ਰਹੇ ਹਨ।

ਲੌਕਡਾਊਨ ਤੋਂ ਬਾਅਦ ਜਦੋਂ ਉਨ੍ਹਾਂ ਦਾ ਕੰਮ ਘੱਟ ਗਿਆ ਤਾਂ ਉਨ੍ਹਾਂ ਨੇ ਪਿੰਡ ਦੀਆਂ ਮਹਿਲਾਵਾਂ ਨੂੰ ਵੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਵਲੋਂ ਇਹ ਸਿਖਲਾਈ ਮੁਫ਼ਤ ਵਿਚ ਦਿੱਤੀ ਗਈ। ਉਨ੍ਹਾਂ ਨੂੰ ਅੱਗੇ ਜਾ ਕੇ ਇਸ ਸਿਖਲਾਈ ਪ੍ਰੋਗਰਾਮ ਦਾ ਕਾਫੀ ਫਾਇਦਾ ਵੀ ਹੋਇਆ ਹੈ ਅਤੇ ਪਿੰਡ ਵਿੱਚ ਖੁੰਬਾਂ ਦੇ ਕਿਸਾਨਾਂ ਦਾ ਇੱਕ ਚੰਗਾ ਗਰੁੱਪ ਬਣ ਗਿਆ ਹੈ।ਕੁਲਦੀਪ ਇਸ ਸਮੇਂ ਇਨ੍ਹਾਂ ਕਿਸਾਨਾਂ ਤੋਂ ਖੁੰਭਾਂ ਖ੍ਰੀਦ ਕੇ ਉਪ-ਉਤਪਾਦ ਬਣਾ ਰਹੇ ਹਨ। ਹੁਣ ਤੱਕ ਉਹ 2500 ਦੇ ਕਰੀਬ ਲੋਕਾਂ ਨੂੰ ਟਰੇਨਿੰਗ ਦੇ ਚੁੱਕੇ ਹਨ। ਜੇਕਰ ਤੁਸੀਂ ਉਨ੍ਹਾਂ ਦੇ ਕਾਰੋਬਾਰ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹੋ।

Leave a Comment