ਇੱਕ ਆਸ਼ਰਮ ਅਤੇ 300 ਬਜ਼ੁਰਗ, ਪਿਆਰ ਦੀ ਤਲਾਸ਼ ਵਿੱਚ ਭਟਕਦੇ ਇਸ ਸ਼ਖਸ ਦੀ ਕਹਾਣੀ ਤੁਹਾਡੇ ਦਿਲ ਨੂੰ ਛੂਹ ਜਾਵੇਗੀ

ਅਡੂਰ (ਕੇਰਲ) ਦੇ ਰਹਿਣ ਵਾਲੇ ਰਾਜੇਸ਼ ਥਿਰੁਵੱਲਾ ਨੇ ਆਪਣਾ ਬਚਪਨ ਗਰੀਬੀ ਵਿੱਚ ਮਾਤਾ-ਪਿਤਾ ਦੇ ਪਿਆਰ ਤੋਂ ਬਿਨਾਂ ਹੀ ਗੁਜ਼ਾਰ ਦਿੱਤਾ। ਲੇਕਿਨ ਅੱਜ ਉਹ ਇੱਕ ਨਹੀਂ, ਸਗੋਂ 300 ਬਜ਼ੁਰਗਾਂ ਦੇ ਬੇਟੇ ਹਨ ਅਤੇ ਸਭ ਦੀ ਜ਼ਿੰਮੇਦਾਰੀ ਬਹੁਤ ਪਿਆਰ ਨਾਲ ਉਠਾ ਰਹੇ ਹਨ। ਆਓ ਪੜ੍ਹੀਏ, ਮਹਾਤਮਾ ਜਨਸੇਵਾ ਕੇਂਦਰਮ ਦੇ ਸੰਸਥਾਪਕ ਰਾਜੇਸ਼ ਥਿਰੁਵੱਲਾ ਦੀ ਕਹਾਣੀ।

ਨਵੇਂ ਖਿਡੌਣੇ ਦੇ ਲਈ ਪਿਤਾ ਤੋਂ ਜਿੱਦ ਕਰਨਾ, ਮਾਂ ਦੇ ਹੱਥਾਂ ਦੀ ਰੋਟੀ ਖਾਣਾ, ਭਰਾ-ਭੈਣ ਦੇ ਨਾਲ ਖੇਡਣਾ ਮਸਤੀ ਕਰਨਾ, ਅੱਜ ਨਾ ਜਾਣੇ ਕਿੰਨੇ ਹੀ ਬਜੁਰਗਾਂ ਨੂੰ ਆਸਰਾ ਦੇ ਚੁੱਕੇ ਰਾਜੇਸ਼ ਥਿਰੁਵੱਲਾ ਦੀ ਬਚਪਨ ਦੀ ਇੱਛਾ ਸਿਰਫ ਇੰਨੀ ਸੀ ਕਿ ਉਨ੍ਹਾਂ ਨੂੰ ਆਮ ਜਿਹੇ ਬੱਚਿਆਂ ਦੀ ਤਰ੍ਹਾਂ ਹੀ ਪਿਆਰ ਕਰਨ ਵਾਲਾ ਇਕ ਪਰਿਵਾਰ ਮਿਲੇ। ਲੇਕਿਨ ਉਨ੍ਹਾਂ ਦਾ ਸ਼ੁਰੁਆਤੀ ਜੀਵਨ ਇਸ ਤੋਂ ਬਿਲਕੁੱਲ ਵੱਖਰਾ ਅਤੇ ਕਈ ਕੌੜੀਆਂ ਯਾਦਾਂ ਦੇ ਨਾਲ ਭਰਿਆ ਹੋਇਆ ਸੀ।

ਰਾਜੇਸ਼ ਦੀ ਜਿੰਦਗੀ ਦੀਆਂ ਖਾਸ ਗੱਲਾਂ

  • 5 ਰੁਪਏ ਲਾ ਕੇ ਸ਼ੁਰੂ ਕੀਤੀ ਇੱਕ ਦੁਕਾਨ
  • ਦਸਵੀਂ ਪਾਸ ਕਰਨ ਤੋਂ ਬਾਅਦ ਸਮਾਜ ਸੇਵਾ ਦੇ ਕੰਮ ਨਾਲ ਜੁੜੇ
  • 14 ਸਾਲ ਤੱਕ ਦੇਸ਼ ਦੇ ਵੱਖੋ ਵੱਖ ਹਿੱਸੀਆਂ ਵਿੱਚ ਘੁੰਮਕੇ ਕੀਤੇ ਛੋਟੇ-ਮੋਟੇ ਕਈ ਕੰਮ
  • ਅੱਜ ਬਜੁਰਗਾਂ ਨੂੰ ਆਸਰਾ ਦੇਣ ਲਈ ਬਣਾ ਦਿੱਤੇ 10 ਘਰ

ਜਦੋਂ ਉਹ ਸਿਰਫ਼ 10 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਮਾਂ ਨੂੰ ਛੱਡਕੇ ਚਲੇ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਮਾਂ ਆਪਣੇ ਘਰ ਆ ਗਈ ਅਤੇ ਰਾਜੇਸ਼ ਦਾ ਬਾਕੀ ਦਾ ਬਚਪਨ ਲੋਕਾਂ ਦੇ ਦਿਆ(ਤਰਸ) ਉੱਤੇ ਗੁਜ਼ਰਿਆ।

ਅਡੂਰ, ਕੇਰਲ ਦੇ ਰਹਿਣ ਵਾਲੇ ਰਾਜੇਸ਼ ਦੀ ਜਿੰਦਗੀ ਦਾ ਪਹਿਲਾ ਪੜਾਅ ਬਿਲਕੁੱਲ ਆਸਾਨ ਨਹੀਂ ਸੀ। ਪਿਤਾ ਦੇ ਚਲੇ ਜਾਣ ਤੋਂ ਕੁੱਝ ਸਮਾਂ ਬਾਅਦ ਮਾਂ ਨੇ ਵੀ ਦੂਜਾ ਵਿਆਹ ਕਰਵਾ ਲਿਆ। ਮਾਤਾ-ਪਿਤਾ ਦੇ ਪਿਆਰ ਅਤੇ ਸਹਾਰੇ ਤੋਂ ਬਿਨਾਂ, ਉਨ੍ਹਾਂ ਨੂੰ ਬਸ ਗਰੀਬੀ ਹੀ ਮਿਲੀ। ਕਈ ਰਾਤਾਂ ਤਾਂ ਉਨ੍ਹਾਂ ਨੂੰ ਭੁੱਖੇ ਢਿੱਡ ਹੀ ਸੌਂ ਜਾਣ ਲਈ ਮਜਬੂਰ ਹੋਣਾ ਪਿਆ। ਇਸ ਤੋਂ ਇਲਾਵਾ ਜਿਸ ਰਿਸ਼ਤੇਦਾਰ ਦੇ ਘਰ ਉਹ ਰਹਿੰਦੇ ਸਨ, ਅਕਸਰ ਰਾਜੇਸ਼ ਨੂੰ ਉਨ੍ਹਾਂ ਦੀ ਮਾਰ ਵੀ ਸਹਿਣੀ ਪੈਂਦੀ ਸੀ।

47 ਸਾਲ ਦੇ ਰਾਜੇਸ਼ ਨੇ ਭਾਰਤ ਦੀ ਮਸਹੂਰ ਵੈੱਬਸਾਈਟ “ਦ ਬੇਟਰ ਇੰਡਿਆ” ਨਾਲ ਗੱਲ ਕਰਦੇ ਹੋਏ ਦੱਸਿਆ ਕਿ ਮੈਂ 10 ਸਾਲ ਦਾ ਸੀ, ਉਦੋਂ ਤੋਂ ਮੇਰੇ ਅੰਕਲ ਨਸ਼ੇ ਦੀ ਹਾਲਤ ਵਿੱਚ ਮੈਨੂੰ ਮਾਰਿਆ ਕਰਦੇ ਸਨ। ਅੱਜ ਵੀ ਉਨ੍ਹਾਂ ਦਿਨਾਂ ਨੂੰ ਯਾਦ ਕਰਦਾ ਹਾਂ ਤਾਂ ਡਰ ਜਾਂਦਾ ਹਾਂ। ਗਰੀਬੀ ਦੀ ਵਜ੍ਹਾ ਕਰਕੇ ਰਾਜੇਸ਼ ਨੇ ਛੋਟੀ ਜਿਹੀ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

ਬਚਪਨ ਤੋਂ ਹੀ ਸੇਵਾ ਨਾਲ ਜੁਡ਼ੇ ਸਨ ਰਾਜੇਸ਼

ਅੱਜ ਕਈ ਬਜੁਰਗਾਂ ਨੂੰ ਆਸਰਾ ਦੇਣ ਵਾਲੇ ਰਾਜੇਸ਼ ਦੱਸਦੇ ਹਨ ਕਿ ਜਦੋਂ ਮੈਂ ਛੇਵੀਂ ਕਲਾਸ ਵਿੱਚ ਪੜ੍ਹਦਾ ਸੀ, ਤੱਦ ਮੈਂ ਸਿਰਫ 5 ਰੁਪਏ ਲਾ ਕੇ ਇੱਕ ਦੁਕਾਨ ਸ਼ੁਰੂ ਕੀਤੀ ਸੀ। ਸ਼ਹਿਰ ਦੇ ਇੱਕ ਸਪੋਰਟਸ ਗਰਾਉਂਡ ਦੇ ਬਾਹਰ ਮੈਂ ਨਿੰਬੂ ਪਾਣੀ ਵੇਚਿਆ ਕਰਦਾ ਸੀ। ਇਸ ਦੁਕਾਨ ਨੂੰ ਮੈਂ ਪੰਜ ਸਾਲ ਤੱਕ ਚਲਾਇਆ। ਕਈ ਲੋਕ ਮੇਰੇ ਕੰਮ ਤੋਂ ਖੁਸ਼ ਹੋਕੇ ਮੈਨੂੰ ਡਬਲ ਪੈਸੇ ਵੀ ਦੇਕੇ ਜਾਇਆ ਕਰਦੇ ਸਨ।

ਇਸ ਦੌਰਾਨ ਉਹ ਸਪੋਰਟਸ ਗਰਾਉਂਡ ਦੇ ਕੋਲ ਇੱਕ ਸੰਸਥਾ ਨਾਲ ਜੁਡ਼ੇ, ਜੋ ਗਰੀਬ ਵਿਦਿਆਰਥੀਆਂ ਨੂੰ ਖਾਣਾ, ਕੱਪੜੇ ਅਤੇ ਪੜ੍ਹਾਈ ਦਾ ਸਾਮਾਨ ਦੇਕੇ ਉਨ੍ਹਾਂ ਦੀ ਮਦਦ ਕਰਦੀ ਸੀ। ਰਾਜੇਸ਼ ਦੇ ਕਈ ਦੋਸਤ ਵੀ ਇਸ ਟੀਮ ਦਾ ਹਿੱਸਾ ਸਨ। ਹਾਲਾਂਕਿ ਉਸ ਦੌਰਾਨ ਰਾਜੇਸ਼ ਨੂੰ ਆਪਣੇ ਖੁਦ ਲਈ ਹੀ ਇਸ ਮਦਦ ਦੀ ਜ਼ਰੂਰਤ ਸੀ। ਲੇਕਿਨ ਉਨ੍ਹਾਂ ਨੇ ਸੋਚਿਆ ਕਿ ਉਹ ਤਾਂ ਦੁਕਾਨ ਚਲਾਕੇ ਆਪਣਾ ਖ਼ਰਚ ਕੱਢ ਲੈਂਦੇ ਹਨ, ਲੇਕਿਨ ਕਈ ਲੋਕਾਂ ਦੇ ਕੋਲ ਕਮਾਈ ਦਾ ਕੋਈ ਵੀ ਜਰੀਆ ਨਹੀਂ ਹੁੰਦਾ।

ਫਿਰ ਉਨ੍ਹਾਂ ਨੇ ਉਸ ਸੰਸਥਾ ਨਾਲ ਜੁੱੜ ਕੇ ਗਰੀਬਾਂ ਦੀ ਮਦਦ ਕਰਨਾ ਸ਼ੁਰੂ ਕੀਤਾ ਅਤੇ ਜਰੂਰਤਮੰਦ ਬੱਚਿਆਂ ਨੂੰ ਮਦਦ ਦੀਆਂ ਚੀਜਾਂ ਪਹੁੰਚਾਉਣ ਲੱਗੇ। ਦਸਵੀਂ ਤੋਂ ਬਾਅਦ ਹੀ ਉਹ ਸਮਾਜ ਸੇਵਾ ਦੇ ਕੰਮ ਨਾਲ ਜੁੜ ਗਏ ਸਨ। ਲੇਕਿਨ ਤੱਦ ਉਨ੍ਹਾਂ ਨੇ ਇਹ ਨਹੀਂ ਸੋਚਿਆ ਸੀ ਕਿ ਇੱਕ ਦਿਨ ਉਹ ਆਪਣੇ ਖੁਦ ਦੇ ਅਜਿਹੇ ਕੰਮ ਦੀ ਸ਼ੁਰੁਆਤ ਅਤੇ ਸੰਚਾਲਨ ਕਰਨਗੇ।

ਸਮੇਂ ਦੇ ਨਾਲ ਰਾਜੇਸ਼ ਦੇ ਜੀਵਨ ਦੀਆਂ ਕਠਿਨਾਈਆਂ ਹੋਰ ਵੱਧ ਗਈਆਂ। ਉਨ੍ਹਾਂ ਦੀ ਮਾਂ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਰਾਜੇਸ਼ ਨੂੰ ਆਪਣੇ ਰਿਸ਼ਤੇਦਾਰ ਦੇ ਘਰ ਵਿਚ ਹੀ ਛੱਡ ਦਿੱਤਾ। ਇਸ ਘਟਨਾ ਨੇ 15 ਸਾਲ ਦੇ ਇਸ ਬੱਚੇ ਨੂੰ ਘਰ ਤੋਂ ਭੱਜਣ ਲਈ ਮਜਬੂਰ ਕਰ ਦਿੱਤਾ। ਮਾਂ ਵਲੋਂ ਵੀ ਛੱਡਕੇ ਜਾਣ ਤੋਂ ਬਾਅਦ ਰਾਜੇਸ਼ ਜਿੰਦਗੀ ਤੋਂ ਬੇਹੱਦ ਨਿਰਾਸ਼ ਹੋ ਗਏ ਸਨ। ਉਹ ਰਿਸ਼ਤੇਦਾਰਾਂ ਦੇ ਘਰ ਤੋਂ ਤਾਂ ਭੱਜ ਨਿਕਲੇ ਲੇਕਿਨ ਜਾਂਦੇ ਕਿੱਥੇ…?

ਕੋਸਣ ਗਏ ਤਾਂ ਪਿਤਾ ਨੇ ਫਿਰ ਤੋਂ ਅਪਣਾਇਆ

ਰਾਜੇਸ਼ ਦੱਸਦੇ ਹਨ ਕਿ ਮੈਂ ਇਸ ਸਭ ਦਾ ਜ਼ਿੰਮੇਦਾਰ ਆਪਣੇ ਪਿਤਾ ਨੂੰ ਮੰਨਦਾ ਸੀ ਅਤੇ ਗ਼ੁੱਸੇ ਵਿੱਚ ਮੈਂ ਆਪਣੇ ਪਿਤਾ ਨੂੰ ਕੋਸਣ (ਰੋਸ ਜਾਹਿਰ ਕਰਨ) ਉਨ੍ਹਾਂ ਦੇ ਘਰ ਚਲਿਆ ਗਿਆ। ਮੈਨੂੰ ਅਂਦਾਜਾ ਵੀ ਨਹੀਂ ਸੀ ਕਿ ਮੇਰੇ ਪਿਤਾ ਅਤੇ ਉਨ੍ਹਾਂ ਦਾ ਪਰਿਵਾਰ ਮੈਨੂੰ ਆਪਣਾ ਲੈਣਗੇ। ਪਿਤਾ ਦੇ ਨਾਲ ਕੁੱਝ ਸਮਾਂ ਰਿਹਾ ਲੇਕਿਨ ਸਾਲਾਂ ਤੋਂ ਉਨ੍ਹਾਂ ਕੋਲੋਂ ਦੂਰ ਰਹਿਣ ਤੋਂ ਬਾਅਦ ਮੈਂ ਉਨ੍ਹਾਂ ਦੇ ਪਰਿਵਾਰ ਵਿੱਚ ਅਣਜਾਣ ਅਤੇ ਇਕੱਲਾ ਮਹਿਸੂਸ ਕਰਦਾ ਸੀ। ਇਸ ਤੋਂ ਬਾਅਦ ਮੈਂ ਉੱਥੋਂ ਵੀ ਨਿਕਲ ਗਿਆ ਅਤੇ ਕੰਮ ਦੀ ਤਲਾਸ਼ ਵਿੱਚ ਘੁੱਮਣ ਲੱਗ ਗਿਆ।

ਇਸ ਤਰ੍ਹਾਂ ਹੀ ਉਹ ਲੱਗਭੱਗ 14 ਸਾਲਾਂ ਤੱਕ ਦੇਸ਼ ਦੇ ਵੱਖੋ ਵੱਖ ਹਿੱਸੀਆਂ ਵਿੱਚ ਘੁੰਮਕੇ ਛੋਟੇ-ਮੋਟੇ ਕੰਮ ਕਰਦੇ ਰਹੇ। ਉਹ ਇਸ ਦੌਰਾਨ ਕਰਨਾਟਕ, ਆਂਧਰਾ ਪ੍ਰਦੇਸ਼, ਗੋਆ, ਮਹਾਰਾਸ਼ਟਰ ਦੇ ਵੱਖੋ ਵੱਖ ਸ਼ਹਿਰਾਂ ਵਿੱਚ ਰਹੇ ਅਤੇ ਮਜ਼ਦੂਰੀ ਤੋਂ ਲੈ ਕੇ ਇਲੈਕਟ੍ਰੀਸ਼ੀਅਨ ਵਰਗੇ ਕਈ ਤਰ੍ਹਾਂ ਦੇ ਕੰਮ ਕੀਤੇ। ਲੇਕਿਨ ਬਾਅਦ ਵਿੱਚ ਉਨ੍ਹਾਂ ਨੇ ਵਾਪਸ ਕੇਰਲ ਆਕੇ ਰਹਿਣ ਦਾ ਫੈਸਲਾ ਕੀਤਾ।

ਆਪਣੇ ਹੋਮ ਟਾਉਨ ਵਾਪਸ ਆਕੇ ਰਾਜੇਸ਼ ਆਪਣੇ ਪੁਰਾਣੇ ਦੋਸਤਾਂ ਨੂੰ ਮਿਲੇ। ਉਨ੍ਹਾਂ ਦੇ ਇਹ ਦੋਸਤ ਹੁਣ ਵੀ ਸੇਵਾ ਦੇ ਕੰਮ ਨਾਲ ਜੁਡ਼ੇ ਹੋਏ ਸਨ। ਰਾਜੇਸ਼ ਨੇ ਵੀ ਅਡੂਰ ਆਉਂਦੇ ਹੀ ਲੋਕਾਂ ਦੀ ਸੇਵਾ ਕਰਨਾ ਫਿਰ ਤੋਂ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਉਹ ਇੱਕ ਟੈਲੀਫੋਨ ਬੂਥ ਉੱਤੇ ਵੀ ਕੰਮ ਕਰਨ ਲੱਗ ਪਏ।

ਕਿਵੇਂ ਹੋਈ ਬਜੁਰਗਾਂ ਨੂੰ ਆਸਰਾ ਦੇ ਰਹੇ ਮਹਾਤਮਾ ਜਨਸੇਵਾ ਕੇਂਦਰਮ ਦੀ ਸ਼ੁਰੁਆਤ

ਰਾਜੇਸ਼ ਦੱਸਦੇ ਹਨ ਕਿ ਹਰ ਕੋਈ ਸਾਡੇ ਕੰਮ ਦੇ ਬਾਰੇ ਵਿੱਚ ਜਾਣਦਾ ਸੀ, ਇਸ ਲਈ ਅਕਸਰ ਲੋਕ ਸ਼ਹਿਰ ਵਿੱਚ ਬੇਘਰ ਅਤੇ ਬੇਸਹਾਰਾ ਲੋਕਾਂ ਦੀ ਜਾਣਕਾਰੀ ਸਾਨੂੰ ਦਿੰਦੇ ਰਹਿੰਦੇ ਸਨ। ਕਈ ਵਾਰ ਮੈਂ ਸੋਚਿਆ ਕਿ ਕਾਸ਼ ਇਨ੍ਹਾਂ ਲੋਕਾਂ ਲਈ ਇੱਕ ਆਸਰਾ ਬਣਾ ਸਕਦਾ। ਇਸ ਸੋਚ ਦੇ ਨਾਲ ਮੈਂ ਆਪਣੀ ਪਤਨੀ ਪ੍ਰਿਸਲਦਾ ਦੇ ਨਾਲ ਮਿਲਕੇ ਸਾਲ 2013 ਵਿੱਚ ਪਥਾਨਾਮਥਿੱਟਾ (ਅਡੂਰ) ਵਿੱਚ ‘ਮਹਾਤਮਾ ਜਨਸੇਵਾ ਕੇਂਦਰਮ’ ਨੂੰ ਸ਼ੁਰੂ ਕੀਤਾ।

ਇਸ ਆਸ਼ਰਮ ਦੀ ਸ਼ੁਰੁਆਤ ਇੱਕ ਟਰੱਸਟ ਦੇ ਰੂਪ ਵਿੱਚ ਹੋਈ ਜਿਸ ਦੇ ਮੈਂਬਰ ਸਨ ਸੀਵੀ ਚੰਦਰਨ, ਜੀ ਅਨਿਲ ਕੁਮਾਰ, ਪੀਕੇ ਸੁਰੇਸ਼, ਅਜੀਤ ਕੁਮਾਰ ਅਤੇ ਬੇਂਜਾਮਿਨ ਏ। ਇਸ ਕੰਮ ਵਿੱਚ ਮਲਿਆਲੀ ਐਕਟਰੈਸ ਸੀਮਾ ਜੀ ਨਾਇਰ ਨੇ ਵੀ ਸਾਨੂੰ ਸਪੋਰਟ ਕੀਤਾ ਸੀ।

ਰਾਜੇਸ਼ ਨੇ ਇਸ ਕੇਂਦਰ ਦੀ ਸ਼ੁਰੁਆਤ ਸਿਰਫ ਬਜ਼ੁਰਗਾਂ ਨੂੰ ਆਸਰਾ ਦੇਣ ਲਈ ਕੀਤੀ ਸੀ, ਲੇਕਿਨ ਅੱਜ ਇੱਥੇ ਕਈ ਬੱਚੇ ਵੀ ਰਹਿ ਰਹੇ ਹਨ। ਇਸ ਤੋਂ ਇਲਾਵਾ, ਹੁਣ ਇਨ੍ਹਾਂ ਦੇ ਤਿੰਨ ਹੋਰ ਕੇਂਦਰ ਵੀ ਬਣ ਗਏ ਹਨ। ਇੱਕ ‘ਮਹਾਤਮਾ ਜਨਸੇਵਾ ਕੇਂਦਰਮ’ ਜੋ ਭੀਖ ਮੰਗਣ ਵਾਲੇ ਲੋਕਾਂ ਦਾ ਘਰ ਹੈ। ਸਾਂਸਕ੍ਰਿਤਕ ਗਤੀਵਿਧੀਆਂ ਲਈ ‘ਮਹਾਤਮਾ ਜੀਵਾ ਕਰੁਣਾ ਗਰਾਮਮ’ ਅਤੇ ਬਜ਼ੁਰਗਾਂ ਲਈ ਇੱਕ ਸਵਰੋਜਗਾਰ ਅਧਿਆਪਨ ਕੇਂਦਰ।

ਇਸ ਤਰ੍ਹਾਂ ਕੁਲ ਮਿਲਾਕੇ ਅੱਜ ਇੱਥੇ 300 ਬਜ਼ੁਰਗ, 10 ਬੱਚੇ ਅਤੇ ਕਰੀਬ 60 ਸਟਾਫ ਦੇ ਲੋਕ ਰਹਿੰਦੇ ਹਨ, ਜੋ ਸਫਾਈ, ਸੁਰੱਖਿਆ ਅਤੇ ਸਿਹਤ ਸਹੂਲਤਾਂ ਨਾਲ ਜੁਡ਼ੇ ਹੋਏ ਹਨ।

ਕਿਰਾਏ ਦੇ ਮਕਾਨ ਨਾਲ ਕੀਤੀ ਸ਼ੁਰੁਆਤ, ਅੱਜ ਬਜੁਰਗਾਂ ਨੂੰ ਆਸਰਾ ਦੇਣ ਲਈ ਬਣਾਏ 10 ਘਰ

ਰਾਜੇਸ਼ ਨੇ ਦੱਸਿਆ ਕਿ ਸ਼ੁਰੁਆਤ ਵਿੱਚ ਉਨ੍ਹਾਂ ਨੇ ਕਿਰਾਏ ਉੱਤੇ ਇੱਕ ਮਕਾਨ ਲੈ ਕੇ ਇਨ੍ਹਾਂ ਲੋਕਾਂ ਨੂੰ ਰੱਖਣਾ ਸ਼ੁਰੂ ਕੀਤਾ ਸੀ। ਲੇਕਿਨ ਸਮੇਂ ਦੇ ਨਾਲ ਲੋਕਾਂ ਦੀ ਮਦਦ ਮਿਲਣ ਲੱਗੀ ਅਤੇ ਉਨ੍ਹਾਂ ਨੇ ਆਪਣੀ ਖੁਦ ਦੀ ਪੰਜ ਏਕਡ਼ ਜ਼ਮੀਨ ਖ਼ਰੀਦ ਕੇ ਉੱਥੇ 10 ਘਰ ਬਣਾਏ। ਉਨ੍ਹਾਂ ਦੇ ਇੱਕ ਘਰ ਵਿੱਚ ਸੱਤ ਲੋਕ ਆਰਾਮ ਨਾਲ ਰਹਿ ਸਕਦੇ ਹਨ ਅਤੇ ਇਨ੍ਹਾਂ ਸਭ ਦਾ ਖਾਣਾ ਇੱਕ ਵੱਡੀ ਰਸੋਈ ਵਿੱਚ ਤਿਆਰ ਕੀਤਾ ਜਾਂਦਾ ਹੈ।

ਸ਼ਹਿਰ ਤੋਂ ਕਈ ਲੋਕ ਸਮੇਂ-ਸਮੇਂ ਉੱਤੇ ਆਪਣਾ ਜਨਮਦਿਨ, ਕੋਈ ਖਾਸ ਮੌਕਾ ਜਾਂ ਤਿਉਹਾਰ ਮਨਾਉਣ ਲਈ ਕੇਂਦਰ ਵਿੱਚ ਆਉਂਦੇ ਰਹਿੰਦੇ ਹਨ। ਇਸ ਤਰ੍ਹਾਂ ਨਾਲ ਉਨ੍ਹਾਂ ਨੂੰ ਆਰਥਕ ਅਤੇ ਰਾਸ਼ਨ ਦੀ ਮਦਦ ਵੀ ਮਿਲ ਜਾਂਦੀ ਹੈ।

ਇਸ ਤੋਂ ਇਲਾਵਾ ਇੱਥੇ ਰਹਿਣ ਵਾਲੇ ਲੋਕ ਅਤੇ ਕਰਮਚਾਰੀ, ਪਰਿਸਰ ਦੇ ਅੰਦਰ ਹੀ ਖੇਤੀ ਅਤੇ ਮੱਛੀ ਪਾਲਣ ਦਾ ਕੰਮ ਵੀ ਕਰਦੇ ਹਨ। ਜਿਸ ਤੋਂ ਹੋਣ ਵਾਲੀ ਕਮਾਈ ਦਾ ਇਸਤੇਮਾਲ ਕੇਂਦਰ ਨੂੰ ਚਲਾਉਣ ਲਈ ਕੀਤਾ ਜਾਂਦਾ ਹੈ। ਉਥੇ ਹੀ ਇਸ ਕੇਂਦਰ ਵਿੱਚ ਇੱਕ ਛੋਟਾ ਜਿਹਾ ਮੋਮਬੱਤੀਆਂ ਬਣਾਉਣ ਦਾ ਕਾਰਖਾਨਾ ਵੀ ਹੈ। ਇੱਥੇ ਵੀ ਬਜ਼ੁਰਗ ਲੋਕ ਮੋਮਬੱਤੀਆਂ ਬਣਾਉਣ ਦਾ ਕੰਮ ਕਰਦੇ ਹਨ, ਤਾਂਕਿ ਆਪਣੀਆਂ ਜਰੂਰਤਾਂ ਲਈ ਉਨ੍ਹਾਂ ਦਾ ਕੇਂਦਰ ਕਿਸੇ ਉੱਤੇ ਨਿਰਭਰ ਨਾ ਰਹੇ।

ਇਹ ਕੇਂਦਰ ਨਾ ਸਿਰਫ ਲੋਕਾਂ ਨੂੰ ਆਸਰਾ ਅਤੇ ਖਾਣਾ ਦੇਣ ਦਾ ਕੰਮ ਕਰ ਰਿਹਾ ਹੈ, ਸਗੋਂ ਕਈਆਂ ਦੀ ਜਿੰਦਗੀ ਫਿਰ ਤੋਂ ਸੰਵਾਰ ਕੇ ਉਨ੍ਹਾਂ ਨੂੰ ਜਿਉਣ ਦੀ ਨਵੀਂ ਆਸ ਵੀ ਦੇ ਰਿਹਾ ਹੈ।

ਨਿਰਾਸ਼ਾ ਤੋਂ ਆਸਾ ਦੇ ਵੱਲ ਇੱਕ ਕਦਮ

62 ਸਾਲ ਦੇ ਸੋਮਰਾਜ ਆਪਣੇ 31 ਸਾਲ ਦੇ ਬੇਟੇ ਅਤੇ ਪਤਨੀ ਦੇ ਨਾਲ ਇੱਥੇ ਰਹਿ ਰਹੇ ਹਨ। ਸੋਮਰਾਜ ਦੱਸਦੇ ਹਨ ਕਿ ਮੈਂ ਸਾਲ 2019 ਵਿੱਚ ਇੱਥੇ ਆਇਆ ਸੀ। ਮੇਰਾ ਪੁੱਤਰ ਦਿਵਿਆਂਗ (ਅਪਾਹਜ) ਹੈ ਅਤੇ ਕਈ ਸਰਜਰੀਜ ਤੋਂ ਬਾਅਦ ਵੀ ਉਹ ਇੱਕ ਆਮ ਜਿਹੇ ਇਨਸਾਨ ਦੀ ਤਰ੍ਹਾਂ ਨਹੀਂ ਜੀ ਸਕਦਾ। ਮੈਂ ਇੱਕ ਥੀਏਟਰ ਕਲਾਕਾਰ ਸੀ, ਜਦੋਂ ਕਿ ਮੇਰੀ ਪਤਨੀ ਮੇਰੇ ਬੇਟੇ ਦਾ ਖਿਆਲ ਰੱਖਦੀ ਸੀ। ਇਸ ਉਮਰ ਵਿੱਚ ਬੇਟੇ ਦੀ ਜ਼ਿੰਮੇਦਾਰੀ ਚੁੱਕਣਾ ਸਾਡੇ ਲਈ ਕਾਫ਼ੀ ਮੁਸ਼ਕਲ ਹੋ ਗਿਆ ਸੀ। ਸਾਡੀ ਹਾਲਤ ਦੇ ਬਾਰੇ ਵਿੱਚ ਲੋਕਲ ਚੈਨਲਾਂ ਉੱਤੇ ਖ਼ਬਰਾਂ ਆਈਆਂ ਸਨ ਜਿਸ ਤੋਂ ਬਾਅਦ ਸਾਨੂੰ ਮਹਾਤਮਾ ਸੇਵਾ ਕੇਂਦਰਮ ਵਿੱਚ ਲਿਆਂਦਾ ਗਿਆ। ਇੱਥੇ ਸਾਡਾ ਤਿੰਨਾਂ ਦਾ ਬਹੁਤ ਖਿਆਲ ਰੱਖਿਆ ਜਾਂਦਾ ਹੈ। ਇਸ ਤੋਂ ਜ਼ਿਆਦਾ ਸਾਨੂੰ ਹੋਰ ਕੀ ਚਾਹੀਦੀ ਹੈ।

ਸੋਮਰਾਜ ਨੇ ਦੱਸਿਆ ਕਿ ਇਹ ਕੋਈ ਬਿਰਧ ਆਸ਼ਰਮ ਜਾਂ ਯਤੀਮਖ਼ਾਨਾ ਨਹੀਂ, ਸਗੋਂ ਇੱਕ ਵੱਡਾ ਘਰ ਹੈ, ਜਿੱਥੇ ਉਹ ਸਾਰੇ ਪਰਿਵਾਰ ਦੀ ਤਰ੍ਹਾਂ ਰਹਿੰਦੇ ਹਨ। ਪਿਛਲੇ ਸਾਲ ਰਾਜੇਸ਼ ਨੇ ਬਜੁਰਗਾਂ ਨੂੰ ਆਸਰਾ ਦੇਣ ਲਈ ਸ਼ੁਰੂ ਕੀਤੇ ਗਏ ਮਹਾਤਮਾ ਜਨਸੇਵਾ ਕੇਂਦਰਮ ਵਿੱਚ ਰਹਿ ਰਹੇ ਦੋ ਬਜ਼ੁਰਗਾਂ ਦੇ ਵਿਆਹ ਵੀ ਕਰਵਾਏ ਸਨ। ਇਨ੍ਹਾਂ ਦੋਨਾਂ ਨੂੰ ਉਨ੍ਹਾਂ ਦੇ ਬੱਚਿਆਂ ਨੇ ਛੱਡ ਦਿੱਤਾ ਸੀ। ਰਾਜੇਸ਼ ਇਸ ਸਾਲ ਵੀ 13 ਨਵੰਬਰ ਨੂੰ ਕੇਰਲ ਦੇ ਕੁੱਝ ਮਾਣਯੋਗ ਮੰਤਰੀਆਂ ਦੀ ਹਾਜਰੀ ਵਿੱਚ ਦੋ ਹੋਰ ਘਰਵਾਲਿਆਂ ਦੇ ਵਿਆਹ ਕਰਾਉਣ ਵਾਲੇ ਹਨ।

ਇੱਕ ਸਮੇਂ ਉਤੇ ਪਰਿਵਾਰ ਦੇ ਪਿਆਰ ਲਈ ਤਰਸਦੇ ਰਾਜੇਸ਼ ਦੇ ਕੋਲ ਅੱਜ ਇੱਕ ਭਰਿਆ-ਪੂਰਾ ਪਰਿਵਾਰ ਹੈ, ਜਿਨ੍ਹਾਂ ਦਾ ਭਰਪੂਰ ਪਿਆਰ ਉਨ੍ਹਾਂ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਅਤੇ ਚਾਰ ਬੱਚੇ ਵੀ ਹਨ, ਜੋ ਉਨ੍ਹਾਂ ਦੀ ਇਸ ਕੰਮ ਵਿੱਚ ਪੂਰੀ ਮਦਦ ਕਰਦੇ ਹਨ। ਰਾਜੇਸ਼ ਦੀ ਕਹਾਣੀ ਸਾਨੂੰ ਇਹ ਪ੍ਰੇਰਨਾ ਦਿੰਦੀ ਹੈ ਕਿ ਜੀਵਨ ਵਿੱਚ ਨਿਰਾਸ਼ਾ ਨੂੰ ਆਸ ਵਿੱਚ ਬਦਲਣਾ ਸਾਡੇ ਆਪਣੇ ਖੁਦ ਦੇ ਹੱਥ ਵਿੱਚ ਹੁੰਦਾ ਹੈ।

ਤੁਸੀਂ ਮਹਾਤਮਾ ਸੇਵਾ ਕੇਂਦਰਮ ਤੱਕ ਆਪਣੀ ਮਦਦ ਪਹੁੰਚਾਣ ਲਈ ਉਨ੍ਹਾਂ ਨੂੰ 86062 07770 ਉੱਤੇ ਸੰਪਰਕ ਕਰ ਸਕਦੇ ਹੋ।

ਸੰਪਾਦਨ – ਭਾਵਨਾ ਸ਼੍ਰੀਵਾਸਤਵ

Leave a Comment