ਕੁਦਰਤੀ ਵਾਤਾਵਰਣ ਦੇ ਨਾਲ ਜੋੜਦਾ ਹੋਮਸਟੇਅ, ਬਣ ਚੁਕਿਆ ਹੈ, ਹਜ਼ਾਰਾਂ ਹੀ ਤਿੱਤਲੀਆਂ ਦਾ ਘਰ

ਘਰ ਵਰਗਾ ਤਜਰਬਾ, ਰਵਾਇਤੀ ਅਤੇ ਸੁਆਦੀ ਕੋਂਕਣੀ ਭੋਜਨ ਅਤੇ ਕੁਦਰਤ ਦੇ ਵਿਲੱਖਣ ਨਜ਼ਾਰੇ… ਕੀ ਤੁਸੀਂ ਵਿਸ਼ਵਾਸ ਕਰੋਗੇ ਕਿ ਇਹ ਸਭ ਕੁਝ ਇੱਕ ਹੀ ਥਾਂ ਉਤੇ ਮਿਲ ਸਕਦਾ ਹੈ! “ਵਾਨੋਸ਼ੀ ਫੋਰੈਸਟ ਹੋਮ ਸਟੇ” ਦੁਰਲੱਭ ਪੰਛੀਆਂ, ਹਜ਼ਾਰਾਂ ਰੁੱਖਾਂ ਅਤੇ ਖੂਬਸੂਰਤ ਪਹਾੜਾਂ ਦੇ ਵਿਚੋ ਵਿਚ ਬਣਾਇਆ ਗਿਆ ਹੈ। ਉਂਝ ਤਾਂ ਇਸ ਹੋਮ ਸਟੇਅ ਦੀਆਂ ਕਈ ਖਾਸੀਅਤਾਂ ਹਨ, ਪਰ ਉਨ੍ਹਾਂ ਵਿੱਚੋਂ ਇੱਕ ਹੈ ਇੱਥੇ ਆਉਣ ਵਾਲੇ ਦੁਰਲੱਭ ਪਸੂ, ਪੰਛੀ ਅਤੇ ਹਜ਼ਾਰਾਂ ਹੀ ਰੰਗ-ਬਿਰੰਗੀਆਂ ਤਿਤਲੀਆਂ।

ਸਿੰਧੂਦੁਰਗ ਦਾ ਰਹਿਣ ਵਾਲਾ ਪ੍ਰਵੀਨ ਦੇਸਾਈ ਵਾਤਾਵਰਣ ਅਤੇ ਕੁਦਰਤ ਪ੍ਰੇਮੀ ਹੈ। ਕੁਦਰਤ ਨਾਲ ਦਿਲੋਂ ਪਿਆਰ ਹੋਣ ਦੇ ਕਾਰਨ ਉਸ ਨੇ 2015 ਵਿੱਚ ਬਟਰਫਲਾਈ ਗਾਰਡਨ ਬਣਾਇਆ ਅਤੇ ਇੱਥੇ ਕਈ ਤਰ੍ਹਾਂ ਦੇ ਰੁੱਖ ਅਤੇ ਹੋਰ ਪੌਦੇ ਲਗਾਏ ਹਨ। ਕੁਝ ਹੀ ਸਮੇਂ ਵਿੱਚ ਉਸ ਦਾ ਬਗੀਚਾ ਸੈਂਕੜੇ ਹੀ ਤਿਤਲੀਆਂ ਦਾ ਘਰ ਬਣ ਗਿਆ ਅਤੇ ਬਹੁਤ ਸਾਰੇ ਲੋਕ ਇਸ ਕੁਦਰਤੀ ਨਜ਼ਾਰੇ ਨੂੰ ਵੇਖਣ ਲਈ ਉਸ ਦੇ ਸਥਾਨ ਉਤੇ ਆਉਣੇ ਸ਼ੁਰੂ ਹੋ ਗਏ।

ਇਸ ਨੂੰ ਵੇਖਦੇ ਹੋਏ, ਸਾਲ 2018 ਦੇ ਵਿੱਚ ਪ੍ਰਵੀਨ ਨੇ ਬਗੀਚੇ ਦੇ ਆਲੇ ਦੁਆਲੇ ਦੋ ਕੁਦਰਤੀ ਝੌਂਪੜੀਆਂ ਨੂੰ ਬਣਾ ਕੇ ਇੱਕ ਫੋਰੈਸਟ ਹੋਮਸਟੇ ਸ਼ੁਰੂ ਕਰ ਦਿੱਤਾ ਅਤੇ ਇੱਥੇ ਮਹਿਮਾਨਾਂ ਦਾ ਸਵਾਗਤ ਕਰਨਾ ਸ਼ੁਰੂ ਕਰ ਦਿੱਤਾ।

ਅੱਜ ਜੋ ਕੋਈ ਵੀ ਉਸ ਦੇ ਹੋਮਸ਼ਟੇ ਵਿਚ ਰਹਿਣ ਲਈ ਆਉਂਦਾ ਹੈ, ਉਹ ਕੁਦਰਤ ਦੇ ਵਿਚਕਾਰ ਰਹਿਣ ਦੇ ਅਨੋਖੇ ਅਨੁਭਵ ਨੂੰ ਮਾਣਦਾ ਹੈ। ਅਜਿਹਾ ਵਧੀਆ ਨਜਾਰਾ ਉਨ੍ਹਾਂ ਨੂੰ ਸ਼ਾਇਦ ਹੀ ਕਿਤੇ ਹੋਰ ਦੇਖਣ ਨੂੰ ਮਿਲੇ।

ਲੋਕ ਕੁਦਰਤ ਨੂੰ ਮਹਿਸੂਸ ਕਰ ਸਕਣ ਇਸ ਲਈ ਉਨ੍ਹਾਂ ਵਲੋਂ ਸ਼ੀਸ਼ੇ ਦੀ ਝੌਂਪੜੀ ਵੀ ਬਣਾਈ ਗਈ ਹੈ। ਅੱਜ ਉਸ ਦੁਆਰਾ ਬਣਾਏ ਗਏ ਇਸ ਜੰਗਲੀ ਖੇਤਰ ਵਿੱਚ 120 ਤੋਂ ਵੱਧ ਵੱਖੋ ਵੱਖ ਤਰ੍ਹਾਂ ਦੇ ਪੰਛੀਆਂ ਅਤੇ ਤਿਤਲੀਆਂ ਦੀਆਂ 40 ਕਿਸਮਾਂ ਦੇਖੀਆਂ ਜਾ ਸਕਦੀਆਂ ਹਨ।

ਰਵਾਇਤੀ ਕੋਂਕਣੀ ਤਰੀਕੇ ਨਾਲ ਬਣੇ ਵਾਨੋਸ਼ੀ ਹੋਮਸਟੇ ਵਿੱਚ ਆਉਣ ਵਾਲੇ ਮਹਿਮਾਨ ਕੋਂਕਣੀ ਭੋਜਨ ਅਤੇ ਸਥਾਨਕ ਜੀਵਨ ਸ਼ੈਲੀ ਦਾ ਵੀ ਅਨੁਭਵ ਕਰ ਸਕਦੇ ਹਨ। ਪ੍ਰਵੀਨ ਵਲੋਂ ਕੁਦਰਤ ਲਈ ਵੱਖਰਾ ਹੀ ਕੁਝ ਕਰਨ ਦਾ ਇਹ ਤਰੀਕਾ ਵਾਕਈ ਸ਼ਲਾਘਾ ਦੇ ਯੋਗ ਹੈ। ਜੇਕਰ ਤੁਸੀਂ ਵੀ ਉਨ੍ਹਾਂ ਦੇ ਹੋਮਸਟੇ ਵਿਚ ਰਹਿਣਾ ਚਾਹੁੰਦੇ ਹੋ ਤਾਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹੋ।

Leave a Comment