ਭਾਰਤ ਦੇ ਗਾਜੀਆਬਾਦ ਵਿੱਚ, NTPC ਦੀ ਰਟਾਇਰ ਅਧਿਕਾਰੀ ਨੀਰਜਾ ਸਕਸੈਨਾ ਕਰੀਬ ਪਿਛਲੇ ਦੋ ਸਾਲਾਂ ਤੋਂ ਜਰੂਰਤਮੰਦ ਬੱਚਿਆਂ ਦੇ ਲਈ ਇਕ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੀ ਹੈ। ਉਹ ਜਰੂਰਤਮੰਦ ਬੱਚਿਆਂ ਨੂੰ ਪੜ੍ਹਾਉਣ ਲਈ ਇਕ ਫੁਟਪਾਥ ਸਕੂਲ ਨੂੰ ਚਲਾ ਰਹੀ ਹੈ, ਉਸ ਦੇ ਇਸ ਸਕੂਲ ਵਿਚ ਪੜ੍ਹਨ ਦੀ ਫੀਸ ਹੈ (ਬੇਕਾਰ ਪਲਾਸਟਿਕ) ਪਲਾਸਟਿਕ ਵੇਸਟ।
ਫੁਟਪਾਥ ਸਕੂਲ ਦੀਆਂ ਖਾਸ ਗੱਲਾਂ
- ਬਿਹਤਰ ਭਵਿੱਖ ਬਣਾਉਣ ਦੀ ਸੋਚ ਨਾਲ ਸ਼ੁਰੂ ਕੀਤਾ ਉਪਰਾਲਾ
- ਕਰੀਬ ਦੋ ਸਾਲ ਤੋਂ ਚੱਲ ਰਿਹਾ ਸਕੂਲ
- ਵਾਤਾਵਰਣ ਸੰਭਾਲ ਸਬੰਧੀ ਦਿੱਤੀ ਜਾਂਦੀ ਹੈ ਸਿਖਿਆ
- ਪੌਦੇ ਲਗਾਉਣ ਸਬੰਧੀ ਕਰਵਾਏ ਜਾਂਦੇ ਹਨ ਪ੍ਰੋਗਰਾਮ
ਸਮਾਜ ਪ੍ਰਤੀ ਅਤੇ ਵਾਤਾਵਰਣ ਪ੍ਰਤੀ ਆਪਣਾ ਪਿਆਰ ਅਤੇ ਫਰਜ ਸਮਝ ਕੇ ਬਹੁਤ ਸਮਾਜਸੇਵੀ ਅਤੇ ਸੰਸਥਾਵਾਂ ਵਧੀਆ ਉਪਰਾਲੇ ਕਰ ਰਹੀਆਂ ਹਨ। ਉਸ ਤਰ੍ਹਾਂ ਹੀ ਗਾਜੀਆਬਾਦ ਦੇ ਇੰਦਿਰਾਪੁਰਮ ਵਿੱਚ ਪਿਛਲੇ ਦੋ ਸਾਲਾਂ ਤੋਂ ਇੱਕ ਅਨੋਖੇ ਤਰੀਕੇ ਨਾਲ ਫੁਟਪਾਥ ਸਕੂਲ ਚਲਾਇਆ ਜਾ ਰਿਹਾ ਹੈ। ਇਸ ਸਕੂਲ ਦੇ ਵਿੱਚ ਹਰ ਦਿਨ ਕਰੀਬ 40 ਬੱਚੇ ਪੜ੍ਹਨ ਲਈ ਆਉਂਦੇ ਹਨ।
ਇਸ ਸਕੂਲ ਵਿਚ ਪੜ੍ਹਾਈ ਦੇ ਨਾਲੋ ਨਾਲ ਉਨ੍ਹਾਂ ਨੂੰ ਖਾਣਾ, ਯੂਨੀਫਾਰਮ (ਵਰਦੀ) ਅਤੇ ਸਟੇਸ਼ਨਰੀ ਵਰਗੀਆਂ ਚੀਜਾਂ ਵੀ ਮਿਲਦੀਆਂ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਇਹ ਸਭ ਕੁਝ ਉਨ੍ਹਾਂ ਨੂੰ ਮੁਫਤ ਵਿੱਚ ਨਹੀਂ ਮਿਲ ਰਿਹਾ। ਇਨ੍ਹਾਂ ਸਭ ਚੀਜਾਂ ਦੇ ਲਈ ਬੱਚਿਆਂ ਨੂੰ ਆਪਣੇ ਵਲੋਂ ਇੱਕ ਸਪੈਸ਼ਲ ਫੀਸ ਜਮਾਂ ਕਰਨੀ ਪੈਂਦੀ ਹੈ, ਜੋ ਹੈ ਵੇਸਟ (ਬੇਕਾਰ) ਪਲਾਸਟਿਕ
ਬੇਕਾਰ ਪਲਾਸਟਿਕ ਦੇ ਖਤਰੇ ਪ੍ਰਤੀ ਕੀਤਾ ਜਾਂਦਾ ਜਾਗਰੂਕ
ਹਾਂ ਜੀ, NTPC ਦੀ ਰਟਾਇਰ ਅਧਿਕਾਰੀ ਨੀਰਜਾ ਸਕਸੈਨਾ ਦੀ ਅਨੋਖੀ ਪਹਿਲ ਨਾਲ ਚੱਲ ਰਹੇ ਇਸ ਸਕੂਲ ਵਿੱਚ ਬੱਚਿਆਂ ਨੂੰ ਸਿੱਖਿਆ ਦੇ ਨਾਲ ਵਾਤਾਵਰਣ ਸੰਭਾਲਣ ਦਾ ਪਾਠ ਵੀ ਪੜਾਇਆ ਜਾ ਰਿਹਾ ਹੈ। ਇਹ ਉਨ੍ਹਾਂ ਦੀ ਪਹਿਲ ਦਾ ਹੀ ਨਤੀਜਾ ਹੈ ਕਿ ਹੁਣ ਤੱਕ ਇਨ੍ਹਾਂ ਬੱਚਿਆਂ ਨੇ 4000 ਈਕੋ ਬਰਿਕਸ ਬਣਾਕੇ ਅਣਗਿਣਤ ਹੀ ਕਿੱਲੋ ਪਲਾਸਟਿਕ ਕੂੜੇ ਨੂੰ ਲੈਂਡਫਿਲ ਵਿੱਚ ਜਾਣ ਤੋਂ ਬਚਾਇਆ ਹੈ।
ਨੀਰਜਾ ਵੱਡੇ ਬੱਚਿਆਂ ਤੋਂ ਮਹੀਨੇ ਵਿੱਚ ਚਾਰ ਈਕੋ – ਬਰਿਕਸ ਲੈਂਦੀ ਹੈ ਅਤੇ ਛੋਟੇ ਬੱਚਿਆਂ ਤੋਂ ਦੋ। ਇੱਕ ਵਾਤਾਵਰਣ ਪ੍ਰੇਮੀ ਹੋਣ ਦੇ ਨਾਤੇ ਉਹ ਬੱਚਿਆਂ ਨੂੰ ਪਲਾਸਟਿਕ ਵੇਸਟ ਦੇ ਖਤਰੇ ਦੇ ਪ੍ਰਤੀ ਜਾਗਰੂਕ ਵੀ ਕਰਦੀ ਰਹਿੰਦੀ ਹੈ। ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਕਾਰਨ ਹੁਣ ਇੱਥੇ ਆਉਣ ਵਾਲੇ ਸਭ ਬੱਚਿਆਂ ਦੀ ਸੋਚ ਵਿੱਚ ਵੀ ਬਦਲਾਅ ਆ ਗਿਆ ਹੈ। ਕਦੇ ਖੁਦ ਹੀ ਕੂੜੇ ਨੂੰ ਫੈਲਾਉਣ ਵਾਲੇ ਬੱਚੇ ਹੁਣ ਕਿਸੇ ਵੀ ਸੜਕ ਜਾਂ ਚੌਰਾਹੇ ਉੱਤੇ ਪਿਆ ਬੇਕਾਰ ਪਲਾਸਟਿਕ ਝੱਟ ਤੋਂ ਚੱਕ ਲੈਂਦੇ ਹਨ।
ਲਾਕਡਾਉਨ ਦੇ ਦੌਰਾਨ ਮਿਲੀ, ਉਨ੍ਹਾਂ ਨੂੰ ਇਹ ਸਕੂਲ ਸ਼ੁਰੂ ਕਰਨ ਦੀ ਪ੍ਰੇਰਨਾ
ਨੀਰਜਾ ਸਕਸੈਨਾ ਨੂੰ ਇਸ ਕੰਮ ਦੀ ਸ਼ੁਰੁਆਤ ਕਰਨ ਦੀ ਪ੍ਰੇਰਨਾ ਲਾਕਡਾਉਨ ਸਮੇਂ ਦੇ ਦੌਰਾਨ ਮਿਲੀ ਹੈ। ਉਨ੍ਹਾਂ ਦੱਸਿਆ ਕਿ ਉਸ ਸਮੇਂ ਉਹ ਆਸਪਾਸ ਦੀਆਂ ਬਸਤੀਆਂ ਦੇ ਵਿੱਚ ਖਾਣਾ ਲੈ ਕੇ ਜਾਇਆ ਕਰਦੀ ਸੀ। ਤੱਦ ਉਨ੍ਹਾਂ ਨੇ ਦੇਖਿਆ ਅਤੇ ਸੋਚਿਆ ਕਿ ਬੱਚੇ ਖਾਣਾ ਤਾਂ ਕਿਸੇ ਨਾ ਕਿਸੇ ਤਰ੍ਹਾਂ ਜੁਟਾ ਲੈਂਦੇ ਹਨ, ਲੇਕਿਨ ਇਹ ਬੱਚੇ ਸਿੱਖਿਆ ਦੀ ਰੋਸ਼ਨੀ ਤੋਂ ਕੋਹਾਂ ਹੀ ਦੂਰ ਹਨ। ਫਿਰ ਉਸ ਸਮੇਂ ਉਨ੍ਹਾਂ ਵਲੋਂ ਆਪਣੇ ਖਾਲੀ ਸਮੇਂ ਨੂੰ ਇਨ੍ਹਾਂ ਬੱਚਿਆਂ ਦੇ ਲਈ ਇਸਤੇਮਾਲ ਕਰਨ ਦਾ ਫੈਸਲਾ ਕੀਤਾ ਗਿਆ।
ਫਿਰ ਉਨ੍ਹਾਂ ਵਲੋਂ ਆਪਣੀ ਸੋਸਾਇਟੀ ਦੇ ਫੁਟਪਾਥ ਉੱਤੇ ਹੀ ਇੱਕ ਛੋਟਾ ਜਿਹੇ ਸਕੂਲ ਨੂੰ ਸ਼ੁਰੂ ਕਰਨ ਦਾ ਮਨ ਬਣਾਇਆ ਗਿਆ। ਇੱਥੇ ਉਹ ਇਨ੍ਹਾਂ ਬੱਚਿਆਂ ਨੂੰ ਰਹਿਣ ਸਹਿਣ ਦੇ ਸਲੀਕੇ, ਪੜ੍ਹਨਾ ਅਤੇ ਸਿੱਖਿਆ ਦੀ ਅਹਿਮੀਅਤ ਬਾਰੇ ਸਿਖਾ ਰਹੀ ਹੈ। ਪਹਿਲਾਂ ਤਾਂ ਉਹ ਬੱਚਿਆਂ ਨੂੰ ਫਰੀ ਵਿੱਚ ਹੀ ਪੜਾਉੰਦੀ ਸੀ, ਲੇਕਿਨ ਬਾਅਦ ਵਿੱਚ ਬੱਚਿਆਂ ਨੂੰ ਵਾਤਾਵਰਣ ਦੇ ਪ੍ਰਤੀ ਜਾਗਰੂਕ ਕਰਨ ਦੇ ਲਈ ਉਨ੍ਹਾਂ ਨੂੰ ਪਲਾਸਟਿਕ ਵੇਸਟ ਜਮਾਂ ਕਰਨ ਦੇ ਆਈਡੀਏ ਦਾ ਖਿਆਲ ਆਇਆ।
ਇਸ ਦੇ ਨਾਲ ਹੀ ਨੀਰਜਾ ਸਕਸੈਨਾ ਬੱਚਿਆਂ ਤੋਂ ਰੁੱਖ ਲਗਵਾਉਣ ਵਰਗੇ ਪ੍ਰੋਗਰਾਮ ਵੀ ਕਰਵਾਉਂਦੀ ਰਹਿੰਦੀ ਹੈ। ਨੀਰਜਾ ਦਾ ਮੰਨਣਾ ਹੈ ਕਿ ਇਹ ਬੱਚੇ ਹੀ ਸਾਡਾ ਆਉਣ ਵਾਲਾ ਭਵਿੱਖ ਹਨ, ਇਨ੍ਹਾਂ ਨੂੰ ਸਿਖਿਆ ਦੇ ਕੇ ਬਿਹਤਰ ਬਣਾਉਣਾ, ਆਪਣੇ ਆਉਣ ਵਾਲੇ ਕੱਲ੍ਹ ਨੂੰ ਬਿਹਤਰ ਬਣਾਉਣਾ ਹੈ।
ਨੀਰਜਾ ਸਕਸੈਨਾ ਦੀ ਇਹ ਅਨੋਖੀ ਪਹਿਲ ਸਾਨੂੰ ਤਾਂ ਬਹੁਤ ਕਮਾਲ ਦੀ ਲੱਗੀ, ਉਨ੍ਹਾਂ ਦੇ ਇਸ ਚੰਗੇ ਉਪਰਾਲੇ ਬਾਰੇ ਤੁਹਾਡੀ ਕੀ ਰਾਏ ਹੈ…?